Sant Baba Mahinder Singh Ji (punjabi)

ਨਿਮਰਤਾ, ਹਲੀਮੀ, ਮਿਠਾਸ, ਸੇਵਾ ਦੀ ਭਾਵਨਾ ਅਤੇ ਕੇਵਲ ਸਰਬ ਸ਼ਕਤੀਮਾਨ ਵਾਹਿਗੁਰੂ ਉੱਤੇ ਓਟ ਰੱਖਣ ਦੀ ਰੁਚੀ ਜੇਹੇ ਗੁਣਾ ਨਾਲ ਭਰਪੂਰ ਧੰਨ ਧੰਨ ਸੰਤ ਬਾਬਾ ਮਹਿੰਦਰ ਸਿੰਘ ਜੀ ਤੋਂ ਕੋਈ ਵੀ ਪ੍ਰਭਾਵਤ ਹੋਣ ਤੋਂ ਨਹੀ ਰਹਿ ਸਕਿਆ | ਸਮਰਾਲਾ ਨੇੜੇ ਪਿੰਡ ਲੱਖਣਪੁਰ ਦੇ ਜੰਮਪਲ ਸੰਤ ਮਹਿੰਦਰ ਸਿੰਘ ਜੀ ਆਪਣੇ ਵੇਲੇ ਦੇ ਨਾਮਵਰ ਧਾਰਮਿਕ ਹਸਤੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਤੋਂ ਵਰੋਸਾਏ ਹੋਣ ਕਾਰਨ ਸੰਤਾਂ ਦੀ ਹਰਖੋਵਾਲ ਵਾਲੀ ਸੰਪਰਦਾਇ ਵਿਚ ਸ਼ਾਮਿਲ ਹੋ ਗਏ | ਸੰਤ ਜਵਾਲਾ ਸਿੰਘ ਜੀ ਵੇਲੇ ਸੜਕੀ ਆਵਾਜਾਈ ਬਹੁਤੀ ਨਹੀ ਸੀ | ਜ਼ਿਲਾ ਹੁਸ਼ਿਆਰਪੁਰ ‘ਚ ਵਾਹਨ ਵੀ ਬਹੁਤ ਘੱਟ ਸਨ| ਇਸ ਲਈ ਸੰਤ ਜਵਾਲਾ ਸਿੰਘ ਜੀ ਹਮੇਸ਼ਾ ਤੁਰ ਫਿਰਕੇ ਜਾਂ ਘੋੜੇ ਉੱਤੇ ਸਵਾਰ ਹੋ ਕੇ ਪਿੰਡ ਪਿੰਡ ਜਾਕੇ ਧਰਮ ਪ੍ਰਚਾਰ ਕਰਦੇ ਸਨ ਅਤੇ ਭੁੱਲੇ-ਭਟਕੇ ਲੋਕਾਂ ਨੂੰ ਗੁਰਮਤਿ ਦੇ ਗਾਡੀ ਰਾਹ ਤੇ ਤੋਰਦੇ ਸਨ | ਸੰਤ ਮਹਿੰਦਰ ਸਿੰਘ ਜੀ ਹਮੇਸ਼ਾਂ ਆਪਣੇ ਪੱਥ-ਪ੍ਰਦਰਸ਼ਕ ਦੀ ਹਾਜ਼ਰੀ ਵਿਚ ਰਹਿੰਦੇ ਸਨ | ਭਰ ਜਵਾਨੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਭਗਤਾਂ ਦੀ “ਨਿਰਾਲੀ ਚਾਲ” ਅਤੇ “ਬਿਖਮ ਮਾਰਗ” ਬਾਰੇ ਪਤਾ ਲਗ ਗਿਆ ਸੀ ਤੇ ਇਨ੍ਹਾਂ ਵਿਸ਼ੇਸ਼ ਗੁਣਾਂ ਕਰਕੇ ਹੀ ਸੰਤ ਜਵਾਲਾ ਸਿੰਘ ਜੀ ਨੇ ਸੰਤ ਮਹਿੰਦਰ ਸਿੰਘ ਜੀ ਨੂੰ ਆਪਣਾ ਜਾਨਸ਼ੀਨ ਚੁਣਿਆ |488234_482546895145113_645593861_n

ਸੰਤ ਮਹਿੰਦਰ ਸਿੰਘ ਜੀ ਦਾ ਸ਼ੁਭ ਜਨਮ ਜੂਨ ੧੯੧੩ ਵਿਚ ਮਾਤਾ ਇੰਦਰ ਕੌਰ ਦੀ ਕੁਖੋਂ ਪਿਤਾ ਸ:ਸੁੰਦਰ ਸਿੰਘ ਜੀ ਦੇ ਘਰ ਹੋਇਆ | ਉਸ ਦਿਨ ਦੇਸੀ ਮਹੀਨੇ ਦੇ ਹਿਸਾਬ ਨਾਲ ੧੫ ਚੇਤਰ ਸੀ | ਜਨਮ ਸਵੇਰ ਤੜਕ ਦੇ ੨ ਵਜੇ ਹੋਇਆ | ਆਪਦੀ ਜਨਮ ਭੂਮੀਂ ਖੁਮਾਣੋ ਤੋਂ ਡੇਢ ਮੀਲ ਦੂਰ ਪਿੰਡ ਲਖਣਪੁਰ ਜ਼ਿਲਾ ਲੁਧਿਆਣਾ ਵਿਚ ਹੈ | ਆਪ ਜੀ ਤਿੰਨ ਭੈਣ ਭਰਾ ਸਨ | ਆਪ ਜੀ ਤੋਂ ਵਡੇ ਵੀਰ ਸੰਤ ਵਰਿਆਮ ਸਿੰਘ ਵੀ ਆਪ ਸਾਧ ਸੰਗਤ ਦੀ ਸੇਵਾ ਵਿਚ ਹੀ ਰਹੇ | ਸੰਤ ਮਹਿੰਦਰ ਸਿੰਘ ਜੀ ਨੇ ਬਚਪਨ ਵਿਚ ਆਪਣੇ ਪਿੰਡ ਸ਼ਹੀਦਾਂ ਦੇ ਅਸਥਾਨ ਤੇ ਬਹੁਤ ਸੇਵਾ ਕੀਤੀ ਅਤੇ ਭਾਈ ਬੱਗਾ ਸਿੰਘ ਜੀ ਤੋਂ ਕੀਰਤਨ ਦੀ ਦਾਤ ਪ੍ਰਾਪਤ ਕੀਤੀ | ਆਪ ਸੰਤ ਮਲ ਸਿੰਘ ਲਖਣਪੁਰ ਵਾਲੀਆਂ ਪਾਸੋਂ ਅਤੇ ਸੰਤ ਰਾਮ ਸਿੰਘ ਜੀ ਖੁਮਾਣੋ ਵਾਲੀਆਂ ਪਾਸੋਂ ਸੰਥਿਆ ਲੈਦੇ ਰਹੇ | ਗੁਰਬਾਣੀ ਦੇ ਅਥਾਹ ਸਾਗਰ ਵਿਚ ਟੁਭੀਆਂ ਮਾਰ ਮਾਰ ਹੀਰੇ ਮੋਤੀ ਤੇ ਜਵਾਹਰ ਆਪਣੇ ਮੰਨ ਅੰਦਰ ਵਸਾਉਂਦੇ ਰਹੇ | ਇਨ੍ਹਾਂ ਹੀ ਰੁਚੀਆਂ ਸਦਕਾ ਉਨ੍ਹਾਂ ਨੇ ੨੦ ਸਾਲ ਦੀ ਉਮਰ ਦੇ ਨੇੜੇ ਤੇੜੇ ਘਰ ਬਾਰ ਛੱਡ ਦਿੱਤਾ ਅਤੇ ਸੰਤਾਂ ਦੀ ਸੰਗਤ ਵਿਚ ਰਹਿਣ ਦਾ ਨਿਸਚਾ ਕੀਤਾ | ਪਹਿਲਾਂ ਸੰਤ ਭਗਵਾਨ ਸਿੰਘ ਰੇਰੂ ਸਾਹਿਬ ਵਾਲਿਆਂ ਪਾਸ ਕੁਝ ਚਿਰ ਟਿਕੇ ਅਤੇ ਬਾਅਦ ਵਿਚ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਉਨ੍ਹਾਂ ਦੇ ਸਚਖੰਡ ਪਧਾਰਨ ਤੱਕ ਉਹਨਾਂ ਦੀ ਸੇਵਾ ਕਰਦੇ ਰਹੇ , ਤੇ ੧੪ ਸਾਲ ਤੱਕ ਪਿੰਡ ਨਹੀਂ ਗਏ |

ਇਕ ਵਾਰ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਮਹਿੰਦਰ ਸਿੰਘ ਜੀ ਦਾ ਓਹਨਾਂ ਦੇ ਘਰ ਨਾਲ ਪਿਆਰ ਨੂੰ ਜਾਚਣ ਅਤੇ ਪਰਖਣ ਲਈ ਹੁਕਮ ਕੀਤਾ ਕਿ ਉਹ ਸੰਤ ਮਹਿੰਦਰ ਸਿੰਘ ਜੀ ਦੇ ਪਿੰਡ ਲਖਣਪੁਰ ਚਲਣਗੇ | ਸੰਤ ਮਹਿੰਦਰ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਸਤਿਬਚਨ ਕਹਿ ਹੁਕਮ ਮੰਨ ਲਿਆ | ਬਾਬਾ ਜੀ ਦੇ ਨਾਲ ਉਹ ਪਿੰਡ ਤਾਂ ਗਏ, ਘਰ ਵੀ ਗਏ ਪ੍ਰੰਤੂ ਘਰ ਦਾ ਮੋਹ ਉਹਨਾਂ ਦਾ ਰਸਤਾ ਨਾ ਰੋਕ ਸਕਿਆ ਅਤੇ ਨਾ ਹੀ ਉਹ ਪ੍ਰਭੂ ਚਰਨਾਂ ਵਿਚੋਂ ਉਖੜ ਸਕੇ | ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਹੀ ਮੁੜਦੇ ਪੈਰੀਂ ਸੰਗਤ ਵਿਚ ਆ ਗਏ | ਜਿਸ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਸੰਤ ਮਹਿੰਦਰ ਸਿੰਘ ਜੀ ਤੇ ਬਹੁਤ ਖੁਸ਼ ਹੋਏ ਤੇ ਘੁੱਟ ਕੇ ਸੀਨੇ ਨਾਲ ਲਾਕੇ ਕਿਹਾ ਕੇ ” ਅੱਜ ਤੋਂ ਤੂੰ ਸਾਡਾ ਹੋਗਿਆ ” |

ਸੰਨ ੧੯੫੭ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਅਕਾਲ ਚਲਾਣਾ ਕਰ ਗਏ | ਕੁਝ ਸਮੇਂ ਉਪਰੰਤ ਸੰਤ ਸੰਪਰਦਾਵਾਂ ਦੇ ਮੁਖੀਆਂ ਨੇ ਆਪ ਨੂੰ ਬਾਬਾ ਜਵਾਲਾ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਯੋਗ ਸਮਝਦਿਆਂ ਹੋਇਆਂ ਦਸਤਾਰ ਬੰਨ੍ਹਾਈ | ਸੰਤ ਬਾਬਾ ਜਵਾਲਾ ਸਿੰਘ ਜੀ ਦੇ ਪਰਉਪਕਾਰ ਦੇ ਪੂਰਨਿਆਂ ਉਪਰ ਚਲ ਕੇ ਸੰਤ ਮਹਿੰਦਰ ਸਿੰਘ ਜੀ ਨੇ ਆਪਣਾ ਅਪ ਸੰਗਤਾਂ ਤੋਂ ਕੁਰਬਾਨ ਕੀਤਾ | ਆਪ ਭਾਰਤ ਦੇ ਕੋਨੇ ਕੋਨੇ ਵਿਚ ਧਰਮ ਪ੍ਰਚਾਰ ਕਰਦੇ ਰਹੇ |

ਸੰਤ ਮਹਿੰਦਰ ਸਿੰਘ ਜੀ ਨੇ ਗੁਰੂ ਦੇ ਲੰਗਰ ਨੂੰ ਸਭ ਤੋਂ ਜਿਆਦਾ ਮਹਾਨਤਾ ਦਿੰਦੇ ਸਨ | ਜੋ ਵ ਪ੍ਰਾਣੀ ਉਹਨਾਂ ਨੂੰ ਮਿਲਣ ਲਈ ਆਉਂਦਾ, ਉਸ ਨੂੰ ਪਹਿਲਾਂ ਲੰਗਰ ਵਿਚ ਜਾਕੇ ਲੰਗਰ ਛੱਕਣ ਲਈ ਕਿਹਾ ਜਾਂਦਾ | ਸਾਰੀ ਉਮਰ ਦੇਸੀ ਘਿਓ ਨਾਲ ਲੰਗਰ ਤਿਆਰ ਕਰਵਾਉਂਦੇ ਰਹੇ ਅਤੇ ਥਾਂ ਥਾਂ ਜਾਕੇ ਭੰਡਾਰੇ ਕਰਾਉਂਦੇ ਰਹੇ | ਕਿਸੇ ਲਈ ਵੀ ਕੋਇ ਉਚੇਚ ਨਹੀਂ ਕੀਤਾ ਜਾਂਦਾ ਸੀ | ਅਮੀਰ ਗਰੀਬ, ਵੱਡੇ ਤੇ ਛੋਟੇ – ਸਭ ਉਨ੍ਹਾਂ ਦਿਆਂ ਨਜ਼ਰਾਂ ਵਿਚ ਬਰਾਬਰ ਸਨ | ਹਰੇਕ ਨੂੰ ਲੰਗਰ ਕਿਸੇ ਵਿਤਕਰੇ ਤੋਂ ਬਿਨਾ ਛਕਾਇਆ ਜਾਂਦਾ | ਆਪ ਵੀ ਸੰਗਤਾਂ ਨਾਲ ਬੈਠਕੇ ਹੀ ਲੰਗਰ ਛੱਕਦੇ | ਅੱਜ ਦੇ ਯੁਗ ਵਿਚ ਇਹ ਬਹੁਤ ਵੱਡੀ ਗੱਲ ਹੈ ਜੋ ਕਿ ਆਮ ਸਾਧੂਆਂ ਵਿਚ ਨਹੀਂ ਮਿਲਦੀ |

ਸੰਤ ਮਹਿੰਦਰ ਸਿੰਘ ਜੀ ਨੇ ਖਾਲਦੇ ਦੇ ਜਨਮ ਅਸਥਾਨ ਆਨੰਦਪੁਰ ਸਾਹਿਬ ਵਿਚ ਸ਼ਾਨਦਾਰ ਡੇਰੇ ਦੀ ਸੰਤ ਜਵਾਲਾ ਸਿੰਘ ਜੀ ਦੇ ਜੀਵਨ ਕਾਲ ਵਿਚ ਹੀ ਉਸਾਰੀ ਕਰਵਾਈ | ੧੯੫੭ ਵਿਚ ਹਰਖੋਵਾਲ ਵਾਲੀ ਸੰਪਰਦਾਇ ਦੇ ਮੁਖੀ ਬੰਨਣ ਤੋਂ ਬਾਅਦ ਆਪ ਨੇ ਆਨੰਦਪੁਰ ਸਾਹਿਬ ਵਿਖੇ ਹੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਖੋਲ੍ਹਿਆ ਅਤੇ ਇਸਦੀ ਇਕ ਵਿਸ਼ਾਲ ਇਮਾਰਤ ਤਿਆਰ ਕਰਵਾਈ | ਆਪ ਮੁਹ ਮਾਇਆ ਦੇ ਜਾਲ ਅਤੇ ਰਵਾਇਤੀ ਪਰਿਵਾਰਕ ਬੰਧਨਾਂ ਤੋਂ ਮੁਕਤ ਸਨ | ਇਸ ਲਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਲਜ ਆਪਣੇ ਪ੍ਰਬੰਧ ਹੇਠਾਂ ਲੈਣ ਦੀ ਇੱਛਾ ਪ੍ਰਗਟਾਈ ਤਾਂ ਇਕ ਪੈਸਾ ਵੀ ਮੁਆਵਜ਼ਾ ਲੈਣ ਤੋਂ ਬਿਨਾਂ ਇਹ ਕਾਲਜ ਸ਼੍ਰੋਮਣੀ ਕਮੇਟੀ ਨੂੰ ਸੋਂਪ ਦਿੱਤਾ |

ਸੰਤ ਮਹਿੰਦਰ ਸਿੰਘ ਜੀ ਨੇ ਜੰਲਧਰ ਵਿਚ ਸਪੋਰਟਸ ਕਾਲਜ ਦੇ ਸਾਹਮਣੇ ਵੀ ਆਪ ਨੇ ਸ਼ਾਨਦਾਰ ਡੇਰਾ ਬਣਵਾਇਆ | ਹਰਖੋਵਾਲ ਵਾਲੇ ਡੇਰੇ ਦੇ ਨਾਂ ਤੇ ਹੀ ਇਸ ਦਾ ਨਾਂ ਵੀ ਡੇਰਾ ਸੰਤ-ਗੜ੍ਹ ਹੀ ਰਖਿਆ |

ਹਰਖੋਵਾਲ ਵਿਚ ਜਿਸ ਸਥਾਨ ਤੇ ਸੰਤ ਜਵਾਲਾ ਸਿੰਘ ਜੀ ਨੇ ਕਈ ਸਾਲ ਲਗਾਤਾਰ ਘੋਰ ਤੱਪਸਿਆ ਕੀਤੀ, ਉਸ ਰਾਮਬਾਗ ਦੇ ਨਾਂ ਨਾਲ ਪ੍ਰਸਿੱਧ ਹੈ | ਇਸ ਅਸਥਾਨ ਤੇ ਸੰਤ ਮਹਿੰਦਰ ਸਿੰਘ ਨੇ ੨੫ ਕਮਰਿਆਂ ਦੀ ਉਸਾਰੀ ਕਰਵਾਈ | ਇਸ ਤੋਂ ਬਿਨਾਂ ਆਪ ਨੇ ਸੰਤ ਜਵਾਲਾ ਸਿੰਘ ਦੇ ਜਨਮ ਨਗਰ ਲੰਗੇਰੀ ( ਜ਼ਿਲਾ ਹੁਸ਼ਿਆਰਪੁਰ ) ਵਿਚ ਗੁਰਦੁਆਰਾ ਜਨਮ ਅਸਥਾਨ ਬਣਵਾਇਆ | ਹਰੀਕੇ ਪੱਤਣ ( ਜ਼ਿਲਾ ਅਮ੍ਰਿਤਸਰ ) ਵਿਖੇ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੀਆਂ ਦੀ ਯਾਦ ਵਿਚ , ਫਗਵਾੜੇ ਨੇੜੇ ਪਿੰਡ ਰਾਣੀਪੁਰ ਨੇੜੇ ਅਤੇ ਕਰਤਾਰਪੁਰ ( ਜ਼ਿਲਾ ਜਲੰਧਰ ) ਨੇੜੇ ਗੁਰਦੁਆਰਾ ਕਿੱਲੀ ਸਾਹਿਬ ਬਣਵਾਇਆ | ਹਰੀਕੇ ਪੱਤਣ , ਰਾਣੀਪੁਰ ਤੇ ਸਿੰਘਪੁਰਾ ਵਾਲੇ ਪੁਰਾਣੇ ਇਤਿਹਾਸਕ ਸਥਾਨ ਬਾਬਾ ਭਗਤ ਸਿੰਘ ਜੀ ‘ਮਸਤ’ ਪਿੰਡ ਜੈਤੇਵਾਲੀ ਵਾਲਿਆਂ ਨੇ ਪ੍ਰਗਟ ਕੀਤੇ ਸਨ | ਪਿੰਡ ਜੈਤੇਵਾਲੀ ਨੇੜੇ, ਜਿਥੇ ਕਿ ਬਾਬਾ ਭਗਤ ਸਿੰਘ ਜੀ ‘ਮਸਤ’ ਸਿਮਰਨ ਕਰਦੇ ਰਹੇ, ਨੇੜੇ ਗੁਰਦੁਆਰਾ ਟਿੱਬੀ ਸਾਹਿਬ ਬਣਵਾਇਆ | ਇਨ੍ਹਾਂ ਸਾਰੇ ਗੁਰਦੁਆਰਿਆਂ ਵਿਚ ਆਪ ਹਰ ਸਾਲ ਧਾਰਮਿਕ ਦੀਵਾਨ ਸਜਾਉਂਦੇ ਤੇ ਭੰਡਾਰੇ ਕਰਾਉਂਦੇ ਸਨ |

ਸੰਤ ਮਹਿੰਦਰ ਸਿੰਘ ਜੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਬਹੁਤ ਪਿਆਰ ਸੀ | ਆਪ ਦੀ ਦਿਲੀ ਇਛਾ ਸੀ ਕਿ ਪੰਜਾਬ ਮਸਲਾ ਹੱਲ ਹੋ ਜਾਵੇ ਅਤੇ ਪੰਜਾਬ’ਚ ਸ਼ਾਂਤੀ ਭਾਲ ਹੋ ਜਾਵੇ | ਇਸ ਕਰਕੇ ਆਪ ਨੇ ਸਭ ਸੰਬੰਧਤ ਧਿਰਾਂ ਨੂ ਚਿਤਵਾਨੀ ਦਿੱਤੀ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਦੀ ਸਥਿਤੀ ਹੋਰ ਵਿਗੜ ਜਾਇਗੀ |

ਸੰਤ ਮਹਿੰਦਰ ਸਿੰਘ ਜੀ ਹਰ ਸਾਲ ਉਤਰ ਪ੍ਰਦੇਸ਼, ਰਾਜਿਸਥਾਨ, ਦਿੱਲੀ ਤੇ ਹਰਿਆਣਾ ਦਿਆਂ ਸੰਗਤਾਂ ਦੇ ਸੱਦੇ ਤੇ ਧਰਮ ਪ੍ਰਚਾਰ ਕਰਨ ਲਈ ਜਾਂਦੇ ਸਨ | ਆਪ ਨੇ ਕਦੇ ਵੀ ਧੰਨ ਜਾਂ ਕਿਸੇ ਵਸਤੁ ਦੀ ਉਗਰਾਹੀ ਨਹੀਂ ਕੀਤੀ ਸੀ | ਸੰਗਤ ਵੱਲੋਂ ਸ਼ਰਧਾ ਨਾਲ ਦਿੱਤੀ ਮਾਇਆ ਨਾਲ ਹੀ ਉਹ ਸਾਰੇ ਡੇਰਿਆਂ ਵਿਚ ਲੰਗਰ ਚਲਾਉਂਦੇ ਅਤੇ ਧਰਮ ਪ੍ਰਚਾਰ ਕਰਦੇ |

੧੯੮੨ ਵਿਚ ਸੰਤ ਮਹਿੰਦਰ ਸਿੰਘ ਹੁਰਾਂ ਦੀ ਪ੍ਰੇਰਨਾ ਨਾਲ ਹੀ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਦਰਿਆ ਸਤਲੁਜ ਤੇ ਪੁਲ ਦੀ ਉਸਾਰੀ ਸ਼ੁਰੂ ਕਰਵਾਈ ਜੋ ਕਿ ਏਸ਼ੀਆ ਭਰ’ਚ ਕਿਸੇ ਦਰਿਆ ਤੇ ਬਣਿਆ ਸਭ ਤੋਂ ਵੱਡਾ ਪੁਲ ਹੈ | ੧੯੮੬ ਵਿਚ ਉਸ ਵੇਲੇ ਦੇ ਅਕਾਲੀ ਮੁਖ ਮੰਤਰੀ ਸ:ਸੁਰਜੀਤ ਸਿੰਘ ਬਰਨਾਲਾ ਨੇ ਇਸ ਪੁਲ ਦੇ ਉਦਘਾਟਨ ਵੇਲੇ ਇਸ ਪੁਲ ਦਾ ਨਾਂ “ਸੰਤ ਮਹਿੰਦਰ ਸਿੰਘ ਹਰਖੋਵਾਲ ਯਾਦਗਾਰੀ ਪੁਲ” ਰਖਣ ਦਾ ਐਲਾਨ ਕੀਤਾ |

੧੨ ਮਾਰਚ, ੧੯੮੪ ਨੂੰ ਜਦੋਂ ਸੰਗਤਾਂ ਦੇ ਸੱਦੇ ਤੇ ਯੂ.ਪੀ. ਵਿਚ ਧਰਮ ਪ੍ਰਚਾਰ ਕਰਨ ਲਈ ਗਏ ਹੋਏ ਸਨ, ਆਪ ਅਚਾਨਕ ਬੀਮਾਰ ਹੋ ਗਏ ਅਤੇ ਤੜਕੇ ਤਿੰਨ ਵਜੇ ਭੀਰਾ ਦੇ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ ਤੇ ਸਰਬ ਸ਼ਕਤੀਮਾਨ ਵਾਹਿਗੁਰੂ ਵਿਚ ਅਭੇਦ ਹੋ ਗਏ |